ਸਤੀਸ਼ ਸਚਦੇਵਾ ਨੇ ਖੋਹਲਿਆ ਬਿਨਾ ਮੁਨਾਫ਼ੇ ਵਾਲਾ ਬੁੱਕ ਸੈਂਟਰ
ਪਰੋਫੈਸਰ ਜਗਮੋਹਨ ਸਿੰਘ ਹੁਰਾਂ ਨੇ ਕੀਤਾ ਰਵੀ ਬੁੱਕ ਸੈਂਟਰ ਦਾ ਉਦਘਾਟਨ
ਲੁਧਿਆਣਾ: 31 ਮਾਰਚ 2019: (ਕਾਰਤਿਕਾ ਸਿੰਘ//ਲੁਧਿਆਣਾ ਸਕਰੀਨ)::
ਜ਼ਿੰਦਗੀ ਪੈਸੇ ਬਿਨਾ ਨਹੀਂ ਚੱਲਦੀ ਪਰ ਇਕੱਲੇ ਪੈਸੇ ਨਾਲ ਵੀ ਨਹੀਂ ਚੱਲਦੀ। ਇਸ ਹਕੀਕਤ ਨੂੰ ਸਮਝਣ ਦੀ ਬਜਾਏ ਲੋਕ ਸਿਰਫ ਪੈਸੇ ਕਮਾਉਣ ਵੱਲ ਧਿਆਨ ਦੇਂਦੇ ਹਨ। ਫਿਰ ਪੈਸੇ ਕਮਾਉਣ ਲਈ ਭਾਵੇਂ ਕੁਝ ਵੀ ਕਿਓਂ ਨਾ ਕਰਨਾ ਪਵੇ। ਲੋਕ ਸ਼ਰਾਬ ਦੇ ਠੇਕ ਖੋਹਲਦੇ ਹਨ। ਸ਼ਰਾਬ ਪੀਣ ਦੇ ਹਾਤੇ ਖੋਹਲਦੇ ਹਨ। ਜਾਨਵਰ ਵੱਢਣ ਅਤੇ ਮੀਟ ਦੀਆਂ ਦੁਕਾਨਾਂ ਖੋਹਲਦੇ ਹਨ। ਵਿਦਵਾਨਾਂ ਦੇ ਅਦਾਰੇ ਵੀ ਅੱਜਕਲ ਡਾਂਸਰਾਂ ਨੂੰ ਬੁਲਾ ਕੇ ਉਹਨਾਂ ਦੀ ਨੁਮਾਇਸ਼ ਕਰਦੇ ਹਨ ਤਾਂ ਕਿ ਪੈਸੇ ਕਮਾਏ ਜਾ ਸਕਣ। ਪੈਸੇ ਦੇ ਪਿਛੇ ਪਾਗਲ ਹੋਈ ਦੁਨੀਆ ਕਿ ਕਿ ਕਰਦੀ ਹੈ ਇਸਨੂੰ ਗਿਣਿਆ ਵੀ ਨਹੀਂ ਜਾ ਸਕਦਾ ਪਰ ਇੱਕ ਚੰਗੀ ਖਬਰ ਵੀ ਆਈ ਹੈ। ਪੱਤਰਕਾਰ ਅਤੇ ਤਰਕਸ਼ੀਲ ਸਾਥੀ ਸਤੀਸ਼ ਸਚਦੇਵਾ ਨੇ ਇੱਕ ਬੁੱਕ ਸੈਂਟਰ ਖੋਹਲਿਆ ਹੈ ਤਾਂਕਿ ਲੋਕਾਂ ਦੀ ਚੇਤਨਾ ਵਿਕਸਿਤ ਕੀਤੀ ਜਾ ਸਕੇ। ਇਸਦੇ ਨਾਲ ਹੀ ਸਟੇਸ਼ਨਰੀ ਦਾ ਸਾਮਾਨ ਵੀ ਰੱਖਿਆ ਹੈ ਜਿਸਨੂੰ ਉਹਨਾਂ ਨੇ ਬਿਨਾ ਮੁਨਾਫ਼ੇ ਦੇ ਵੇਚਣਾ ਹੈ ਤਾਂਕਿ ਇਸ ਇਸਲਾਕੇ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਵਿੱਚ ਉਸਾਰੂ ਯੋਗਦਾਨ ਦਿੱਤਾ ਜਾ ਸਕੇ। ਥੋਕ ਦੇ ਭਾਅ ਸਟੇਸ਼ਨਰੀ ਦਾ ਸਾਮਾਨ ਲਿਆਉਣਾ ਅਤੇ ਉੱਸੇ ਕੀਮਤ 'ਤੇ ਪਰਚੂਨ ਵਿੱਚ ਵੇਚ ਦੇਣਾ। ਆਉਣਾ ਜਾਣ ਦਾ ਸਮਾਂ ਅਤੇ ਪੈਟਰੋਲ ਪਾਣੀ ਦਾ ਖਰਚਾ ਸਤੀਸ਼ ਸਚਦੇਵਾ ਹੁਰਾਂ ਨੇ ਆਪਣੇ ਪੱਲਿਓਂ ਪਾਉਣਾ ਹੈ। ਮਨੁੱਖਤਾਵਾਦੀ ਖਰੇ ਸੌਦੇ ਵਰਗੇ ਇਸ ਕਾਰੋਬਾਰੀ ਅਦਾਰੇ ਦਾ ਉਦਘਾਟਨ ਕੀਤਾ ਅੱਜ ਸ਼ਹੀਦ ਭਗਤ ਸਿੰਘ ਹੁਰਾਂ ਦੇ ਭਾਣਜੇ ਪਰੋਫੈਸਰ ਜਗਮੋਹਨ ਸਿੰਘ ਹੁਰਾਂ ਨੇ। ਉਹਨਾਂ ਦੇ ਨਾਲ ਪਰੋਫੈਸਰ ਏ ਕੇ ਮਲੇਰੀ ਵੀ ਸਨ।
ਇਸ ਬਿਨਾ ਮੁਨਾਫ਼ੇ ਵਾਲੇ ਅਦਾਰੇ ਨੂੰ ਖੋਹਲਣ ਦਾ ਕਾਰਨ ਪੁੱਛਿਆ ਤਾਂ ਸਤੀਸ਼ ਸਚਦੇਵਾ ਜੀ ਕਹਿਣ ਲੱਗੇ ਕਿਤਾਬਾਂ ਨਾਲ ਸਮਾਜਿਕ ਤਬਦੀਲੀ ਦੀ ਉਮੀਦ ਅਜੇ ਵੀ ਬੜੀ ਰੌਸ਼ਨ ਹੈ। ਇਸ ਉਮੀਦ ਦੀ ਰੌਸ਼ਨੀ ਵਿੱਚ ਹੀ ਅਸੀਂ ਇਹ ਬੁੱਕ ਸੈਂਟਰ ਖੋਹਲਿਆ ਹੈ। ਉਹਨਾਂ ਦੇ ਪਰਿਵਾਰ ਅਤੇ ਉਹਨਾਂ ਸਾਥੀਆਂ ਨੇ ਇਸਦਾ ਨਾਮ ਰੱਖਿਆ ਹੈ-ਰਵੀ ਬੁੱਕ ਅਤੇ ਸਟੇਸ਼ਨਰੀ ਸੈਂਟਰ। ਇਹ ਅਦਾਰਾ ਅੱਜ ਅੱਜ ਪੰਜਾਬ ਮਾਤਾ ਨਗਰ ਲੁਧਿਆਣਾ ਵਿਖੇ ਸ਼ੁਰੂ ਕੀਤਾ ਗਿਆ ਜਿਸ ਦਾ ਉਦਘਾਟਨ ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਨੇ ਕੀਤਾ। ਉਹਨਾਂ ਦੇ ਨਾਲ ਇਸ ਮੌਕੇ ਪ੍ਰੋਫੈਸਰ ਏ ਕੇ ਮਲੇਰੀ ਵੀ ਸਨ। ਸਤੀਸ਼ ਸਚਦੇਵਾ ਨੇ ਇਸ ਮੌਕੇ ਮੀਡੀਆ ਨੂੰ ਦੱਸਿਆ ਕਿ ਇਥੇ ਜ਼ਿੰਦਗੀ ਨੂੰ ਬਦਲਣ ਵਾਲੀਆਂ ਅਤੇ ਉਸਾਰੂ ਪੁਸਤਕਾਂ ਹੀ ਰੱਖੀਆਂ ਜਾਣਗੀਆਂ। ਇਥੇ ਪ੍ਰੋਫੈਸਰ ਨਰਿੰਦਰ ਸਿੰਘ ਕਪੂਰ, ਡਾਕਟਰ ਹਰਸ਼ਿੰਦਰ ਕੌਰ, ਡਾਕਟਰ ਸ਼ਾਮ ਸੁੰਦਰ ਦੀਪਤੀ, ਅਤੇ ਡਾਕਟਰ ਕਾਵੂਰ ਵਰਗੇ ਉਘੇ ਵਿਗਿਆਨੀਆਂ ਦੀਆਂ ਕਿਤਾਬਾਂ ਵੀ ਮੌਜੂਦ ਹਨ। ਉਘੇ ਦੇਸ਼ ਭਗਤਾਂ ਦੀਆਂ ਜੀਵਨੀਆਂ ਦੇ ਨਾਲ ਨਾਲ ਪ੍ਰਮੁੱਖ ਕਮਿਊਨਿਸਟਾਂ ਨਾਲ ਸਬੰਧਤ ਲਿਟਰੇਚਰ ਵੀ ਮੌਜੂਦ ਰਹੇਗਾ। ਲੋਕ ਪੱਖੀ ਸਟੇਜ ਨੂੰ ਮਜ਼ਬੂਤ ਬਣਾਉਣ ਵਾਲੇ ਭਾਅ ਜੀ ਗੁਰਸ਼ਰਨ ਸਿੰਘ ਹੁਰਾਂ ਦੀਆਂ ਪੁਸਤਕਾਂ ਵੀ ਇਥੋਂ ਮਿਲ ਸਕਣਗੀਆਂ। ਅੱਜ ਦੇ ਸਮਾਗਮ ਨੂੰ ਪਰੋਫੈਸਰ ਜਗਮੋਹਨ ਸਿੰਘ, ਪਰੋਫੈਸਰ ਏ ਕੇ ਮਲੇਰੀ, ਜਸਵੰਤ ਜੀਰਖ, ਡਾਕਟਰ ਮੋਹਨ ਸਿੰਘ, ਕੁਲਭੂਸ਼ਨ, ਸਿੰਘ, ਰਾਜ ਕੁਮਾਰ ਗਰੇਵਾਲ, ਸਤੀਸ਼ ਸਚਦੇਵਾ ਨੇ ਵੀ ਸੰਬੋਧਨ ਕੀਤਾ। ਪੀ ਪਲਜ਼ ਮੀਡੀਆ ਵੱਲੋਂ ਰੈਕਟਰ ਕਥੂਰੀਆ ਨੇ ਵੀ ਹਾਜ਼ਰੀ ਲਗਵਾਈ। ਇਲਾਕੇ ਦੇ ਲੋਕਾਂ ਵਿੱਚ ਵੀ ਬਹੁਤ ਖੁਸ਼ੀ ਹੈ ਕਿਓਂਕਿ ਹੁਣ ਉਹਨਾਂ ਦੇ ਬੱਚਿਆਂ ਨੂੰ ਹਰ ਤਰਾਂ ਦੀ ਸਟੇਸ਼ਨਰੀ ਬਾਜ਼ਾਰ ਨਾਲੋਂ ਸਸਤੇ ਭਾਅ 'ਤੇ ਮਿਲ ਸਕੇਗੀ। ਸਾਡੇ ਲੁਧਿਆਣਾ ਵਿੱਚ ਬਥੇਰੇ ਅਮੀਰ ਹਨ ਕਿ ਉਹ ਵੀ ਇਸ ਤਰਾਂ ਦੇ ਉਸਾਰੂ ਅਦਾਰੇ ਖੋਹਲਣਗੇ? ਬਿਨਾ ਕੋਈ ਮੁਨਾਫ਼ਾ ਲਿਆਂ ? ਇਸ ਵਿੱਚੋਂ ਪੈਸਾ ਭਾਵੇਂ ਨਾ ਮਿਲੇ ਪਰ ਜਿਹੜਾ ਸੰਤੋਖ ਮਿਲਣਾ ਹੈ ਉਸਨੇ ਆਉਣ ਵਾਲਿਆਂ ਨਸਲਾਂ ਨੂੰ ਅਸਲੀ ਮੁਨਾਫ਼ਾ ਕਮਾਉਣ ਜੋਗਾ ਬਣਾ ਦੇਣਾ ਹੈ। ਹੁਣ ਕੋਈ ਮੀਟਿੰਗ ਕਰਨੀ ਹੋਵੇ, ਕੋਈ ਪਰੈਸ ਕਾਨਫਰੰਸ ਤੇ ਭਾਂਵੇਂ ਸਟੇਸ਼ਨਰੀ ਵੰਡਣੀ ਹੋਵੇ ਕੋਸ਼ਿਸ਼ ਕਰਿਓ ਸਚਦੇਵਾ ਜੀ ਕੋਲੋਂ ਹੀ ਖਰੀਦੋ। ਜਿੰਨਾ ਮਰਜ਼ੀ ਨਾਂਹ ਨਾਂਹ ਕਰੀ ਜਾਣ ਜਿੰਨੇ ਪੈਸੇ ਮੰਗਣ ਉਸਤੋਂ ਵੱਧ ਦੇ ਕੇ ਹੀ ਮੁੜਿਓ। ਅਜਿਹੇ ਅਦਾਰੇ ਹਰ ਇਲਾਕੇ ਵਿੱਚ ਖੁੱਲਦੇ ਰਹਿਣ।