ਸਿੰਘ ਇਜ਼ ਬਲਿੰਗ ਵਿੱਚ ਹਨ ਇਤਰਾਜ਼ਯੋਗ ਦ੍ਰਿਸ਼
ਪੰਜ ਅਹਿਮ ਚੀਜ਼ਾਂ ਵਿੱਚ ਮੀਟ ਸ਼ਰਾਬ ਦੇ ਨਾਲ ਸ੍ਰੀ ਦਰਬਾਰ ਸਾਹਿਬ ਦਾ ਨਾਂ ਵੀ ਸ਼ਾਮਲ
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ‘ਸਿੰਘ ਇਜ਼ ਬਲਿੰਗ’ ਦੇ ਦ੍ਰਿਸ਼ਾਂ ’ਤੇ ਇਤਰਾਜ਼
ਅੰਮ੍ਰਿਤਸਰ, 24 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਫਿਲਮਾਂ ਦੇ ਨਿਰਮਾਣ ਵੇਲੇ ਸਿੱਖ ਰਹੁ ਰੀਤਾਂ ਅਤੇ ਸਿੱਖ ਲਾਈਫ ਸਟਾਈਲ ਨੂੰ ਅੱਖੋਂ ਪਰੋਖੇ ਕਰਨ ਦਾ ਸਿਲਸਿਲਾ ਜਾਰੀ ਹੈ। ਇਸ ਲਈ ਜਦੋਂ ਵੀ ਕੋਈ ਫਿਲਮ ਬਣਦੀ ਹੈ ਤਾਂ ਕੋਈ ਨ ਕੋਈ ਵਾਵੇਲਾ ਖੜਾ ਹੁੰਦਾ ਹੀ ਰਹਿੰਦਾ ਹੈ। ਫਿਲਮਾਂ ਵਾਲੇ ਆਮ ਤੌਰ ਤੇ ਸ਼ੁਧ ਕਾਰੋਬਾਰੀ ਸੋਚ ਵਾਲੇ ਹੁੰਦੇ ਹਨ। ਉਹਨਾਂ ਨੇ ਫਿਲਮ ਚਲਾਉਣ ਲਈ ਪੂਰਾ ਮਸਲਾ ਭਰਨਾ ਹੁੰਦਾ ਹੈ। ਮਾਮਲਾ ਉਦੋਂ ਵਿਗੜਦਾ ਹੈ ਜਦੋਂ ਓਹ ਇਸ ਮਸਾਲੇ ਵਿੱਚ ਸਿੱਖ ਧਰਮ ਨਾਲ ਜੁੜੇ ਧਰਮ ਅਸਥਾਨਾਂ ਅਤੇ ਧਾਰਮਿਕ ਚਿੰਨ੍ਹਾਂ ਨੂੰ ਵੀ ਸ਼ਾਮਲ ਕਰ ਲੈਂਦੇ ਹਨ। ਕੁਝ ਅਜਿਹਾ ਹੀ ਹੋਇਆ ਲੱਗਦਾ ਹੈ ਫਿਲਮ ਸਿੰਘ ਇਜ਼ ਬਲਿੰਗ ਦੇ ਮਾਮਲੇ ਵਿੱਚ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਵੀਂ ਆ ਰਹੀ ਫਿਲਮ ‘ਸਿੰਘ ਇਜ਼ ਬਲਿੰਗ’ ਦੇ ਕੁਝ ਦ੍ਰਿਸ਼ਾਂ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਨੇ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਨੂੰ ਇਹ ਦ੍ਰਿਸ਼ ਹਟਾਉਣ ਲਈ ਕਿਹਾ ਹੈ। ਅੱਜ ਇਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਜਥੇਦਾਰ ਨੇ ਦੱਸਿਆ ਕਿ ਫਿਲਮ ਵਿੱਚ ਦਿਖਾਏ ਗਏ ਇਤਰਾਜ਼ਯੋਗ ਦ੍ਰਿਸ਼ਾਂ ਦਾ ਮਾਮਲਾ ਇਸ ਵੇਲੇ ਇਕ ਸੋਸ਼ਲ ਸਾਈਟ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਤੋਂ ਬਾਅਦ ਵੱਡੇ ਪੱਧਰ ’ਤੇ ਸਿੱਖ ਭਾਈਚਾਰੇ ਵੱਲੋਂ ਇਸ ਬਾਰੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਧਾਰਮਿਕ ਸ਼ਖਸੀਅਤਾਂ ਦੇ ਨੋਟਿਸ ਵਿੱਚ ਅਜਿਹਾ ਮਾਮਲਾ ਵਿਵਾਦਿਤ ਹੋਣ ਤੋਂ ਬਾਅਦ ਹੀ ਕਿਓਂ ਆਉਂਦਾ ਹੈ ਪਹਿਲਾਂ ਕਿਓਂ ਨਹੀਂ? ਇਸ ਕੰਮ ਲਈ ਕੋਈ ਪੱਕੀ ਨਿਗਰਾਨ ਕਮੇਟੀ ਕਿਓਂ ਨਹੀਂ ਬਣਾਈ ਜਾਂਦੀ?
ਫਿਲਮ ਦੀਆਂ ਇਤਰਾਜ਼ਯੋਗ ਗੱਲਾਂ ਬਾਰੇ ਉਨ੍ਹਾਂ ਦੱਸਿਆ ਕਿ ਫਿਲਮ ਵਿੱਚ ਕੜੇ ਦੀ ਦੁਰਵਰਤੋਂ ਕੀਤੀ ਗਈ ਹੈ। ਕੜੇ ਵਾਲੇ ਦ੍ਰਿਸ਼ ਦੌਰਾਨ ਨੰਗੇਜ਼ ਦਿਖਾਇਆ ਗਿਆ ਹੈ ਜਦੋਂ ਕਿ ਕੜੇ ਉਪਰ ਗੁਰਬਾਣੀ ਦੀ ਤੁਕ ਵੀ ਉਕਰੀ ਹੋਈ ਹੈ। ਇਸੇ ਤਰ੍ਹਾਂ ਫਿਲਮ ਦੇ ਇਕ ਦ੍ਰਿਸ਼ ਵਿੱਚ ਪੰਜਾਬ ਦੀ ਸ਼ਲਾਘਾ ਕਰਦਿਆਂ ਪੰਜ ਅਹਿਮ ਚੀਜ਼ਾਂ ਵਿੱਚ ਮੀਟ ਸ਼ਰਾਬ ਦੇ ਨਾਲ ਸ੍ਰੀ ਦਰਬਾਰ ਸਾਹਿਬ ਦਾ ਵੀ ਨਾਂ ਸ਼ਾਮਲ ਕੀਤਾ ਗਿਆ ਹੈ, ਜੋ ਇਤਰਾਜ਼ਯੋਗ ਹੈ। ਉਨ੍ਹਾਂ ਆਖਿਆ ਕਿ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਇਤਰਾਜ਼ਯੋਗ ਦ੍ਰਿਸ਼ ਫਿਲਮ ਵਿੱਚੋਂ ਹਟਾਉਣ। ਜੇਕਰ ਅਜਿਹਾ ਨਾ ਹੋਇਆ ਤਾਂ ਸਿੱਖ ਭਾਈਚਾਰੇ ਵੱਲੋਂ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਖ਼ਿਲਾਫ਼ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਫਿਲਮਾਂ ਸਿੰਘ ਇਜ਼ ਕਿੰਗ, ਸਨ ਆਫ ਸਰਦਾਰ ਅਤੇ ਸਿੰਘ ਸਾਹਿਬ ਦਿ ਗ੍ਰੇਟ ਵੀ ਇਤਰਾਜ਼ ਦਾ ਹਿੱਸਾ ਬਣ ਚੁੱਕੀਆਂ ਹਨ।
ਦਿੱਲੀ ਕਮੇਟੀ ਵੱਲੋਂ ਪੋਸਟਰ ’ਤੇ ਗੁਰਬਾਣੀ ਦੀ ਤੁੱਕ ਦਾ ਵਿਰੋਧ
ਨਵੀਂ ਦਿੱਲੀ: ਫਿਲਮ ‘ਸਿੰਘ ਇਜ਼ ਬਲਿੰਗ’ ਦੇ ਪੋਸਟਰ ਉਤੇ ਗੁਰਬਾਣੀ ਦੀਆਂ ਤੁੱਕਾਂ ਲਿਖਣ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਬੰਧਕ ਕਮੇਟੀ ਨੇ ਇਤਰਾਜ਼ ਜਤਾਇਆ ਹੈ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੂੰ ਇਸ ਬਾਰੇ ਭੇਜੇ ਪੱਤਰ ਦਾ ਉਤਾਰਾ ਸੈਂਸਰ ਬੋਰਡ ਦੇ ਸਲਾਹਕਾਰ ਪੈਨਲ ’ਚ ਸਿੱਖ ਮੈਂਬਰ ਗੁਰਪ੍ਰੀਤ ਕੌਰ ਚੱਢਾ ਨੂੰ ਵੀ ਭੇਜਿਆ ਹੈ। ਸ੍ਰੀ ਰਾਣਾ ਨੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਦੀਅਾਂ ਕੁਝ ਤੁੱਕਾਂ ਨੂੰ ਕੜੇ ਉਪਰ ਉਕੇਰਨ ਅਤੇ ਇਸ ਕਡ਼ੇ ਦੇ ਘੇਰੇ ’ਚ ਘੱਟ ਕੱਪੜਿਆਂ ਵਿੱਚ ਕੁੜੀ ਦਾ ਪੋਸਟਰ ਫਿਲਮ ਦੇ ਪ੍ਰਚਾਰ ਲਈ ਵਰਤਣ ’ਤੇ ਇਤਰਾਜ਼ ਜਤਾਇਆ ਹੈ।