ਇਨਕਲਾਬੀ ਕੇਂਦਰ ਪੰਜਾਬ ਨੇ ਕੰਨੂਪਿਰਿਯਾ ਨੂੰ ਧਮਕੀਆਂ ਦਾ ਲਿਆ ਸਖ਼ਤ ਨੋਟਿਸ

Posted on

Aug 20, 2019, 4:35 PM

ਏਬੀਵੀਪੀ ਅਤੇ ਸੰਘ ਪਰਿਵਾਰ ਨੂੰ ਦਿੱਤੀ ਬਾਜ਼ ਰਹਿਣ ਦੀ ਚੇਤਾਵਨੀ  

ਲੁਧਿਆਣਾ: 20 ਅਗਸਤ 2019: (ਪੰਜਾਬ ਸਕਰੀਨ ਬਿਊਰੋ)::

ਤੇਜ਼ੀ ਨਾਲ ਉਭਰ ਕੇ ਸਾਹਮਣੇ ਆਈ ਹਰਮਨ ਪਿਆਰੀ ਵਿਦਿਆਰਥੀ ਆਗੂ ਕਨੂੰਪਿਰਿਯਾ ਨੂੰ ਸੰਘ ਪਰਿਵਾਰ ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ ਬੀ ਵੀ ਪੀ) ਵੱਲੋਂ  ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਦਾ ਮਾਮਲਾ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਇਸਦੇ ਨਾਲ ਹੀ ਬਹੁਤ ਸਾਰੀਆਂ ਜਨਤਕ ਜੱਥੇਬੰਦੀਆਂ ਵੀ ਕਨੂੰਪਿਰਿਯਾ ਦੀ ਹਮਾਇਤ ਵਿੱਚ ਆ ਰਹੀਆਂ ਹਨ। ਹੁਣ ਇੰਨਕਲਾਬੀ ਕੇਂਦਰ ਪੰਜਾਬ ਨੇ ਕਨੂੰਪਿਰਿਯਾ ਦੀ ਹਮਾਇਤ ਕਰਦਿਆਂ ਏ ਬੀ ਵੀ ਪੀ ਅਤੇ ਸੰਘ ਪਰਿਵਾਰ ਨੂੰ ਲੰਮੇ ਹੱਥੀਂ ਲਿਆ ਹੈ। 

ਲੰਮੇ ਸਮੇਂ ਤੋਂ ਲੋਕ ਹੱਕਾਂ ਲਈ ਸਰਗਰਮ ਇਸ ਸੰਗਠਨ ਨੇ ਕਿਹਾ ਹੈ ਕਿ ਆਰ ਐਸ ਐਸ ਦਾ ਏਜੰਡਾ ਲਾਗੂ ਕਰਨ ਲਈ ਬੀਜੇਪੀ ਅਤੇ ਇਸ ਦੀ ਛਤਰ ਛਾਇਆ ਹੇਠ ਪਲ ਰਹੀਆਂ ਫਿਰਕਾਪ੍ਰਸਤ ਜੱਥੇਬੰਦੀਆਂ ਦੀਆਂ ਦੇਸ਼ ਵਿਰੋਧੀ ਕਾਰਵਾਈਆਂ ਨੂੰ ਇਨਕਲਾਬੀ ਤੇ ਜਮਹੂਰੀ ਤਾਕਤਾਂ ਅਤੇ ਲੋਕਾਂ ਦੀ ਇਕ ਮੁੱਠਤਾ ਹੀ ਭਾਂਜ ਦੇ ਸਕਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਕੰਵਲਜੀਤ ਖੰਨਾ ਅਤੇ ਜਸਵੰਤ ਜੀਰਖ ਨੇ ਯੂਨੀਵਰਸਿਟੀ ਸਟੂਡੈਂਟ ਦੀ ਪ੍ਰਧਾਨ ਅਤੇ ਸਟੂਡੈਂਟ ਫਾਰ ਸੁਸਾਇਟੀ ਦੀ ਆਗੂ ਕਨੂੰਪਿਰਿਯਾ ਨੂੰ ਏਬੀਵੀਪੀ ਨਾਂ ਦੀ ਫਿਰਕੂ ਫਾਸ਼ੀ ਜੱਥੇਬੰਦੀ ਵੱਲੋਂ ਜਾਨੋ ਮਾਰਨ ਦੀਆਂ ਸੋਸਲ ਮੀਡੀਆ ਰਾਹੀਂ ਦਿੱਤੀਆਂ ਧਮਕੀਆਂ ਦਾ ਸਖ਼ਤ ਨੋਟਿਸ ਲਿਆ ਹੈ। ਇਹਨਾਂ ਆਗੂਆਂ ਨੇ ਆਰ ਐਸ ਐਸ ਦੇ ਮੰਨੂਵਾਦੀ ਲਾਣੇ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਹਰ ਤਰਾਂ ਦੇ ਫਾਸ਼ੀਵਾਦੀਆਂ ਤੇ ਲੋਕ ਦੋਖੀ ਜੋਕਾਂ ਖ਼ਿਲਾਫ਼ ਸ਼ੰਘਰਸ਼ਸੀਲ ਲੋਕ ਅਜਿਹੀਆਂ ਗਿੱਦੜ ਭਮਕੀਆਂ ਤੋਂ ਡਰਦੇ ਨਹੀਂ। ਉਹਨਾਂ ਕਿਹਾ ਕਿ ਕਾਰਪੋਰੇਟਾਂ ਅਤੇ ਲੁਟੇਰੇ ਵਰਗ ਦੀ ਅਖੌਤੀ ਆਜ਼ਾਦੀ ਦੇ ਦਿਨ ਨੂੰ ਕਾਲੀ ਆਜ਼ਾਦੀ ਦੇ ਦਿਨ ਵਜੋਂ ਮਨਾਉਣ ਦਾ ਹਰ ਪੀੜਿਤ ਨੂੰ ਜਮਹੂਰੀ ਹੱਕ ਹੈ।ਉਹਨਾਂ ਅੱਗੇ ਕਿਹਾ ਕਿ ਪਹਿਲਾਂ ਵੀ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਨੂੰ ਮੰਨੂਵਾਦੀਆਂ ਵੱਲੋਂ ਅਜਿਹੀਆਂ ਧਮਕੀਆਂ ਦਿੱਤੀਆਂ ਸਨ, ਜਦੋਂ ਉਸ ਨੇ ਕਿਹਾ ਸੀ ਕਿ ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ ਜੰਗ ਨੇ ਮਾਰਿਆਂ ਹੈ। ਓਦੋਂ ਸਮੁੱਚੇ ਪੰਜਾਬ ਦੇ ਇਨਸਾਫ਼ ਪਸੰਦ ਅਤੇ ਅਣਖੀ ਲੋਕ ਇਨ੍ਹਾਂ ਮੰਨੂਵਾਦੀਆਂ ਖ਼ਿਲਾਫ਼ ਸੜਕਾਂ ਤੇ ਆਏ ਸਨ। ਕਬਰਾਂ ਨੂੰ ਜਾਂਦੇ ਹਿਟਲਰਸ਼ਾਹੀ ਰਾਹ ਤੁਰੀ ਬੀਜੇਪੀ ਸਰਕਾਰ ਨੂੰ ਬਰਾਜ਼ੀਲ ਤੇ ਹਾਂਗਕਾਂਗ ਵਿਖੇ ਹੁਣੇ ਹੀ ਆਏ ਤਾਜ਼ਾ ਲੋਕ ਰੋਹ ਦੇ ਹੜ੍ਹ ਤੋਂ ਸਬਕ ਸਿੱਖਣਾ ਚਾਹੀਦਾ ਹੈ। ਭਾਰਤ ਅੰਦਰ ਵੀ ਅਜਿਹੇ ਹੀ ਲੋਕ ਰੋਹ ਅੰਬਾਨੀਆਂ ਅਡਾਨੀਆਂ ਦੀ ਨਮਾਇੰਦਾ ਹਕੂਮਤ ਖ਼ਿਲਾਫ਼ ਪ੍ਰਚੰਡ ਹੋਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿੱਥੇ ਜਬਰ ਹੁੰਦਾ ਹੈ, ਉੱਥੇ ਟਾਕਰਾ ਲਾਜ਼ਮੀ ਹੈ।